ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਡਾ. ਬੀ.ਆਰ ਅੰਬੇਡਕਰ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਵਿਚਾਰਧਾਰਕ ਚਿੰਤਨ ਸਮਾਗਮ ਕਰਵਾਇਆ ਗਿਆ
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਡਾ. ਬੀ.ਆਰ ਅੰਬੇਡਕਰ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਪਹਿਲੇ ਸੈਸ਼ਨ ਵਿਚ ਕਾਲਜ ਦੇ ਵਿਦਿਆਰਥੀਆਂ ਦੀ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਅਤੇ ਮਿਸ਼ਨ ਬਾਰੇ ਭਾਸ਼ਨ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਕਾਲਜ ਦੀ ਵਿਦਿਆਰਥਣ ਬਲਜਿੰਦਰ ਕੌਰ (ਕਲਾਸ: ਡਿਪਲੋਮਾ ਇਨ ਕੋਸਮੀਟੋਲੋਜੀ ਸਿਮੈਸਟਰ-ਦੂਜਾ), ਪ੍ਰਿਗਿਆ (ਕਲਾਸ: ਡੀ.ਸੀ.ਏ. ਸਿਮੈਸਟਰ-ਦੂਜਾ), ਪੰਕਜ (ਕਲਾਸ: ਬੀ.ਸੀ.ਏ. ਸਿਮੈਸਟਰ-ਦੂਜਾ) ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਦੂਜਾ ਸੈਸ਼ਨ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਨੂੰ ਸਮਰਪਿਤ ਰਿਹਾ ਜਿਸ ਵਿਚ ਉਨ੍ਹਾਂ ਦੀ ਵਿਚਾਰਧਾਰਾ ਉੱਪਰ ਚਿੰਤਨ ਕੀਤਾ ਗਿਆ। ਇਸ ਸਮੇਂ ਸ਼੍ਰੀ ਸਤਨਾਮ ਚਾਨਾ (ਲੇਖਕ ਅਤੇ ਚਿੰਤਕ) ਜੋ ਕਿ ਹਾਲ ਹੀ ਵਿਚ ਰਲੀਜ਼ ਹੋਈ ਫੀਚਰ ਫ਼ਿਲਮ “ਜੈ ਭੀਮ” ਦੇ ਨਿਰਮਾਤਾ ਹਨ ਨੇ ਡਾ. ਬੀ.ਆਰ. ਅੰਬੇਡਕਰ ਦੇ ਚਿੰਤਨ ਬਾਰੇ ਖੋਜ ਭਰਪੂਰ ਵਿਚਾਰ ਪੇਸ਼ ਕੀਤਾ। ਉਨ੍ਹਾਂ ਨੇ ਡਾ. ਬੀ.ਆਰ. ਅੰਬੇਡਕਰ ਦੇ ਪੜ੍ਹੋ, ਜੁੜ੍ਹੋ ਅਤੇ ਸੰਘਰਸ਼ ਕਰੋ ਦੇ ਸਿਧਾਂਤ ਦੀ ਵਿਆਖਿਆ ਅਤੇ ਇਸ ਨੂੰ ਸਮਾਜ ਵਿਚ ਅਮਲੀ ਰੂਪ ਕਿਵੇਂ ਦਿੱਤਾ ਜਾ ਸਕਦਾ ਹੈ ਉੱਤਰ ਆਪਣਾ ਵਖਿਆਣ ਕੀਤਾ। ਇਸ ਸਮੇਂ ਸ਼੍ਰੀ ਅਜੇ ਕੁਮਾਰ ਯਾਦਵ (ਸੰਪਾਦਕ ਅਖ਼ਬਾਰ ਆਪਣੀ ਮਿੱਟੀ) ਨੇ ਡਾ. ਬੀ.ਆਰ. ਅੰਬੇਡਕਰ ਤੋਂ ਪਹਿਲਾਂ ਸਮਾਜ ਦੀਆਂ ਦੁਸ਼-ਗਤੀਆਂ ਬਾਰੇ ਦੱਸਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਡਾ. ਬੀ.ਆਰ. ਅੰਬੇਡਕਰ ਨੇ ਇਕ ਨਵੀਂ ਵਿਧੀ ਰਾਹੀਂ ਜਿਉਣ ਦਾ ਰਾਹ ਦਰਸਾਇਆ ਜੋ ਕਿ ਉਨ੍ਹਾਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਅਤੇ ਹੋਰ ਭਗਤ ਸਾਹਿਬਾਨਾਂ ਵੱਲੋਂ ਸਿਧਾਂਤਕ ਅਤੇ ਵਿਹਾਰਕ ਰੂਪ ਵਿਚ ਸਮਾਜ ਨੂੰ ਦੇ ਚੁੱਕੇ ਸਨ। ਕਾਨੂੰਨੀ ਰੂਪ ਵਿਚ ਇਸ ਨੂੰ ਲਾਗੂ ਕਰਨ ਲਈ ਭਾਰਤ ਦੇ ਸਵਿਧਾਨ ਦੇ ਰੂਪ ਵਿਚ ਪੇਸ਼ ਕੀਤਾ ਗਿਆ, ਇਸ ਬਾਰੇ ਚਾਨਣਾ ਪਾਇਆ। ਇਸ ਸਮੇਂ ਡਾ. ਲਖਵਿੰਦਰ ਜੌਹਲ (ਪ੍ਰਧਾਨ, ਪੰਜਾਬੀ ਭਾਸ਼ਾ ਅਕਾਦਮੀ, ਲੁਧਿਆਣਾ) ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਵਿੱਦਿਆ ਦੇ ਪਸਾਰ ਵਿਚ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਦੇ ਯੋਗਦਾਨ ਬਾਰੇ ਦੱਸਿਆ।
ਇਸ ਸਮਾਗਮ ਦੀ ਪ੍ਰਧਾਨਗੀ ਓਲੰਪੀਅਨ ਸ. ਸੁਰਿੰਦਰ ਸਿੰਘ ਸੋਢੀ (ਆਈ.ਪੀ.ਐਸ. (ਰਿਟਾ.)) ਨੇ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਅਤੇ ਸੰਘਰਸ਼ ਦਾ ਜਿੱਥੇ ਵਰਣਨ ਕੀਤਾ ਉੱਥੇ ਡਾ. ਬੀ.ਆਰ. ਅੰਬੇਡਕਰ ਵੱਲੋਂ ਲੋਕਤੰਤਰ ਨੂੰ ਮਜਬੂਤ ਕਰਨ ਲਈ ਵੋਟ ਦੇ ਸਹੀ ਇਸਤੇਮਾਲ ਉੱਪਰ ਲੋਕ ਚੇਤਨਾ ਨੂੰ ਦ੍ਰਿੜ ਕਰਵਾਉਣ ਲਈ ਵੀ ਕਿਹਾ। ਇਸ ਸਮੇਂ ਇਸ ਕਾਲਜ ਦੀ ਆਰਥਿਕ ਤੌਰ ‘ਤੇ ਵੱਡੀ ਸਹਾਇਤਾ ਕਰਨ ਵਾਲੀਆਂ ਸ਼ਖਸ਼ੀਅਤਾਂ ਸ. ਸੁਰਿੰਦਰ ਸਿੰਘ ਢੇਸੀ (ਕੈਨੇਡਾ) ਅਤੇ ਸ. ਮੱਖਣ ਸਿੰਘ ਬਾਸੀ (ਯੂ.ਐਸ.ਏ.) ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਉਹ ਕਾਲਜ ਦੇ ਵਿਕਾਸ ਅਤੇ ਵਿਦਿਆਰਥੀਆਂ ਹਿਤਾਂ ਲਈ ਯੋਗਦਾਨ ਪਾਉਣ ਲਈ ਤਿਆਰ ਹਨ।ਸਮਾਗਮ ਦੀ ਸ਼ੁਰੂਆਤ ਵਿਚ ਪ੍ਰਿੰਸੀਪਲ (ਡਾ.) ਜਸਪਾਲ ਸਿੰਘ ਰੰਧਾਵਾ ਨੇ ਇਸ ਕਾਲਜ ਦੀ ਵਿਲੱਖਣਤਾ ਅਤੇ ਇਸ ਦੇ ਸੰਚਾਲਣ ਬਾਰੇ ਦੱਸਦਿਆਂ ਕਿਹਾ ਕਿ ਇਹ ਕਾਲਜ ਆਉਣ ਵਾਲੇ ਸਮੇਂ ਵਿਚ ਸਮਾਜ ਸਿਰਜਣਾ ਲਈ ਵਡੇਰੀ ਭੂਮੀਕਾ ਅਦਾ ਕਰੇਗਾ।ਗ੍ਰਾਮ ਪੰਚਾਇਤ ਜੰਡਿਆਲਾ ਦੇ ਸਰਪੰਚ ਸ਼੍ਰੀ ਮੱਖਣ ਲਾਲ ਪੱਲ੍ਹਣ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਐਨ.ਆਰ.ਆਈ. ਭਰਾਵਾਂ ਦੀ ਦੇਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਆਪਣਾ ਵੱਡਾ ਰੋਲ ਅਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸ. ਸੁਰਿੰਦਰ ਸਿੰਘ ਸੋਢੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਕਾਲਜ ਨੂੰ ਹੋਰ ਬੁਲੰਦੀਆਂ ਵੱਲ੍ਹ ਲੈ ਕੇ ਜਾਣ ਲਈ ਇਸ ਇਲਾਕੇ ਦੀ ਬਾਂਹ ਫੜ੍ਹਣ ਤਾਂ ਕਿ ਇਹ ਕਾਲਜ ਵਿੱਦਿਆ ਦੇ ਖੇਤਰ ਵਿਚ ਆਪਣੀ ਵਡੇਰੀ ਭੂਮੀਕਾ ਨਿਭਾਉਣ ਦੇ ਸਮਰੱਥ ਹੋ ਸਕੇ।
Comments
Post a Comment